Monday 2 June 2014

"ਗਰਾਫਿਟੀ ਦੀ ਕਲ੍ਹਾ ਅਤੇ ਨਾਬਰੀ"

"ਗਰਾਫਿਟੀ ਦੀ ਕਲ੍ਹਾ ਅਤੇ ਨਾਬਰੀ"
2007 ਵਿੱਚ ਜਦ ਮੈਂ ਅਸਟਰੇਲੀਆ ਆਇਆ ਤਾਂ ਦੂਜੇ ਦਿਨ ਹੀ ਕੰਮ ਮਿਲ ਗਿਆ । ਕੰਮ ਤੇ ਜਾਣ ਲਈ ਬਿਜਲੀ ਨਾਲ ਚੱਲਣ ਵਾਲੀਆਂ ਰੇਲਾਂ ਮੈਲਬਰਨ ਦੀ ਪਬਲਿਕ ਟਰਾਂਸਪੋਰਟ ਦਾ ਅਹਿਮ ਹਿੱਸਾ ਨੇਂ ਅਤੇ ਕੰਮ ਤੇ ਜਾਣ ਲਈ ਜਦ ਮੈਂ ਲਾਗਲੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਓੁੱਥੋਂ ਦੇ ਪਲੇਟਫਾਰਮਾਂ ਅਤੇ ਸਸੇਸ਼ਨਾਂ ਦੀਆਂ ਕੰਧਾਂ ਤੇ ਬਹੁਤ ਗੂੜੇ ਰੰਗਾਂ ਅਤੇ ਅਜੀਬੋ ਗਰੀਬ ਤਰ੍ਹਾਂ ਦੀ ਚਿੱਤਰਕਾਰੀ ਦੇਖਣ ਨੂੰ ਮਿਲੀ । ਫਿਰ ਹੋਲੇ ਹੋਲੇ ਪਤਾ ਲੱਗਾ ਕਿ ਇਸ ਕਲਾ ਨੂੰ ਗਰਾਫਿਟੀ ਕਿਹਾ ਜਾਂਦਾ ਹੈ ।

ਗਰਾਫਿਟੀ ਨਾਲ ਮੇਰਾ ਅਸਲੀ ਵਾਹ ਓੁਸ ਸਮੇਂ ਪਿਆ ਜਦ ਮੈਂ ਰਾਤ ਨੂੰ ਰੇਲਾਂ ਸਾਫ ਕਰਨ ਦਾ ਕੰਮ ਕਰਨ ਲੱਗ ਪਿਆ । ਗਰਾਫਿਟੀ ਕਰਨ ਵਾਲੇ ਰੇਲਾਂ ਓੁੱਪਰ ਸਰਕਾਰ ਵਿਰੋਧੀ, ਸਰਕਾਰੀ ਨੀਤੀਆਂ ਵਿਰੋਧੀ ਲਿਖ ਕੇ ਜਾਂ ਚਿੱਤਰਕਾਰੀ ਕਰ ਕੇ ਸਰਕਾਰ ਖਿਲਾਫ ਆਪਣੀਂ ਜੋਰਦਾਰ ਭੜ੍ਹਾਸ ਕੱਢਦੇ । ਬੇਸ਼ਕ ਸਾਨੂੰ ਇਸ ਪੇਂਟ ਨਾਲ ਬਣਿਆ ਸਾਰਾ ਕੁੱਜ ਸਾਫ ਕਰਨਾ ਬਹੁਤ ਅੋਖਾ ਲੱਗਦਾ ਸੀ ਕਿਓੁਂ ਕਿ ਗਰਾਫਿਟੀ ਕਰਨ ਵਾਲੇ ਕਲਾਕਾਰ ਪੱਕੇ ਰੰਗਾਂ (ਅਨੇਮਲ) ਦੀ ਵਰਤੋਂ ਕਰਦੇ ਹਨ ਪਰ ਓੁਹਨਾਂ ਦਾ ਸਰਮਾਏਦਾਰਾਂ ਖਿਲਾਫ ਅਤੇ ਪ੍ਰਬੰਧ ਖਿਲਾਫ ਇੰਝ ਖੁਲ੍ਹੇਆਮ ਲਿਖਣਾਂ ਮੈਨੂੰ ਇਹਨਾਂ ਲੋਕਾਂ ਵਾਰੇ ਹੋਰ ਜਾਨਣ ਲਈ ਪਰੇਰਿਤ ਕਰ ਗਿਆ ।

ਗਰਾਫਿਟੀ ਦੀ ਇਹ ਕਲਾ ਜਿਆਦਾਤਰ ਜਨਤਕ ਥਾਵਾਂ ਤੇ ਹੀ ਦੇਖਣ ਨੂੰ ਮਿਲਦੀ ਹੈ । ਅਸਟਰੇਲੀਆ ਵਿੱਚ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ । ਨਾਬਰੀ ਵਾਲੀਆਂ ਕਲਾਵਾਂ ਨੂੰ ਇਹ ਲੋਕ ਅਕਸਰ ਗੈਰ ਕਾਨੂੰਨੀ ਜਾਂ ਅੱਤਵਾਦੀ ਹੀ ਕਰਾਰ ਦਿੰਦੇ ਹਨ । ਬੇਸ਼ਕ ਇਸ ਕਲਾ ਨਾਲ ਜਨਤਕ ਥਾਵਾਂ ਦਾ ਨੁਕਸਾਨ ਹੁੰਦਾ ਹੈ (ਸਿਰਫ ਦਿਖ ਵਜੋਂ) ਅਤੇ ਸਰਕਾਰ ਨੇਂ ਇਹਨਾਂ ਕਲਾਕਾਰਾਂ ਲਈ ਵਿਸ਼ੇਸ਼ ਥਾਵਾਂ ਵੀ ਮੁਹੱਈਆ ਕਰਵਾਈਆਂ ਹਨ ਜਾਂ ਰਾਖਵੀਆਂ ਰੱਖੀਆਂ ਹਨ ਤਾਂ ਜੋ ਇਹ ਇੱਥੇ ਜਾ ਕੇ ਆਪਣੀਂ ਕਲਾ ਨਾਲ ਕੰਧਾਂ ਤੇ ਆਪਣੀਂ ਕਲਾ ਦਾ ਜਾਦੂ  ਦਿਖਾ ਸਕਣ  ਜਿਵੇਂ ਕਿ ਸਿਡਨੀ ਵਿਸ਼ਵ ਵਿਦਿਆਲਿਆ ਦੇ ਕੈਮਪਰਟਾਓੁਨ ਕੈਂਮਪਸ ਵਿੱਚਲੀ ਗਰਾਫਿਟੀ ਟਨਲ, ਮੈਲਬਰਨ ਸ਼ਹਿਰ ਦੀ ਹੋਜੀਅਰ ਲੇਨ ਨਾਮ ਦੀ ਗਲ੍ਹੀ । ਇਹਨਾਂ ਦੋਹਾਂ ਥਾਵਾਂ ਤੇ ਓੁਹ ਲੋਕ ਹੀ ਜਾਂਦੇ ਨੇਂ ਜਿਹਨਾਂ ਫੋਟੋਆਂ ਖਿਚਾਓੁਣੀਆਂ ਹੋਣ ਪਰ ਗਰਾਫਿਟੀ ਕਰਨ ਵਾਲਿਆਂ ਦਾ ਮਕਸਦ ਇਹ ਨਹੀਂ ਹੁੰਦਾ ਓੁਹਾਨਾਂ ਦਾ ਮਕਸਦ ਤਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਵੱਧ ਤੋਂ ਵੱਧ ਲੋਕਾਂ ਤੱਕ ਆਪਣਾਂ ਸੰਦੇਸ਼ ਪਹੁੰਚਾਓੁਣਾਂ ਹੁੰਦਾ ਹੈ ਇਸੇ ਕਰਕੇ ਗਰਾਫਿਟੀ ਕਰਨ ਵਾਲੇ ਸਜਾਵਾਂ ਅਤੇ ਜੁਰਮਾਨੇ ਦੀ ਪਰਵਾਹ ਕੀਤੇ ਬਿਨਾਂ ਰੇਲਾਂ ਅਤੇ ਹੋਰ ਜਨਤਕ ਸਥਾਨਾਂ ਨੂੰ ਆਪਣੀਂ ਪੇਂਟਿੰਗ ਬਨਾਓੁਣ ਲਈ ਕੈਨਵਸ ਦੇ ਰੂਪ ਵਜੋਂ ਚੁਣਦੇ ਹਨ । ਬਗਾਵਤ ਵਾਲੇ ਨਾਅਰੇ, ਚਿੱਤਰਕਾਰੀ ਬਹੁਤਾਤ ਵਿੱਚ ਜਨਤਕ ਸਥਾਨਾਂ ਤੇ ਹੀ ਦਿਖਾਈ ਦਿੰਦੀ ਹੈ ।

ਅਸਟਰੇਲੀਆ ਦਾ ਮੈਲਬਰਨ ਸ਼ਹਿਰ ਗਰਾਫਿਟੀ ਦੇ ਗੜ੍ਹ ਵਜੋਂ ਜਾਣਿਆਂ ਜਾਂਦਾ ਹੈ । ਅਸਟਰੇਲੀਆਂ ਦੀਆਂ ਬਹੁਤਾਤ ਰਾਜ ਸਰਕਾਰਾਂ ਨੇਂ ਨੇਂ ਤਾਂ ਅਠਾਰਾਂ ਸਾਲ ਤੋਂ ਘੱਟ ਓੁਮਰ ਵਾਲਿਆਂ ਦੇ ਸਪਰੇਅ ਕੇਨ (ਜੋ ਗਰਾਫਿਟੀ ਲਈ ਵਰਤਿਆ ਜਾਂਦਾ ਹੈ) ਖਰੀਦਣ ਤੇ ਪਾਬੰਧੀ ਲਗਾ ਰੱਖੀ ਹੈ । ਜੇਕਰ ਕੋਈ ਗਰਾਫਿਟੀ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਓੁਸਨੂੰ ਛੱਬ੍ਹੀ ਹਜਾਰ ਡਾਲਰ ਅਤੇ ਦੋ ਸਾਲ ਦੀ ਕੈਦ ਦਾ ਕਾਨੂੰਨ ਹੈ ਪਰ ਵਿਕਟੋਰੀਆ ਰਾਜ (ਜਿਸ ਵਿੱਵ ਮੈਲਬਰਨ ਸ਼ਹਿਰ ਹੈ) ਵਿੱਚ ਬਹੁਤ ਸਾਰੀਆਂ ਗਲੀਆਂ ਅਤੇ ਸੜਕਾਂ ਦੀਆਂ ਕੰਧਾਂ ਤੇ ਇਹ ਕਲ੍ਹਾ ਵੇਖਣ ਨੂੰ ਮਿਲਦੀ ਹੈ ਖਾਸਕਰ ਮੈਲਬਰਨ ਦੇ ਨਾਲ ਲੱਗਦੇ ਖੇਤਰਾਂ ਫਿਟਜਰੋਏ, ਕੋਲਿੰਗਵੁਡ, ਬਰੰਸਵਿਕ, ਸੇਂਟ ਕਿਲਡਾ ਅਤੇ ਬਰੰਸਵਿਕ । ਗਰਾਫਿਟੀ ਕਰਨ ਵਾਲੇ ਲੋਕ ਲੁਕ ਛਿਪ ਕੇ ਰਹਿੰਦੇ ਹਨ ਅਤੇ ਇਹ ਗਰਾਫਿਟੀ ਦਾ ਕੰਮ ਜਿਆਦਾਤਰ ਰਾਤ ਨੂੰ ਕੀਤਾ ਜਾਂਦਾ ਹੈ ।
ਇਸ ਦੇ ਪਿਛੋਕੜ ਤੇ ਨਜਰ ਮਾਰੀਏ ਤਾਂ ਇਹ ਗੱਲ ਸਾਹਮਣੇਂ ਆਓੁਂਦੀ ਹੈ ਕਿ ਇਹ ਕਲ੍ਹਾ ਇਟਲੀ ਵਿੱਚ   'ਚ ਸ਼ੁਰੂ ਹੋਈ ਜਿਸਦਾ ਇਤਿਹਾਸਿਕ ਪ੍ਰਮਾਣ ਇਟਲੀ ਦੇ ਪੋਰਾਣਿਕ ਸ਼ਹਿਰ ਪੋਮਪੋਈ 'ਚ ਮੋਜੂਦ ਹਨ ।"ਗਰਾਫਿਟੀ" ਸ਼ਬਦ ਇਟਾਲੀਅਨ ਭਾਸ਼ਾ ਦੇ ਸ਼ਬਦ "ਗਰਾਫੀਆਟੋ" ਤੋਂ ਨਿੱਕਲਿਆ ਹੈ ਜਿਸਦਾ ਅਰਥ ਹੈ ਲਿਖਣਾਂ । ਪੁਰਾਣੇਂ ਸਮਿਆਂ ਵਿੱਚ ਇਹ ਕਲਾ ਚਾਕ ਅਤੇ ਕੋਲ੍ਹੇ ਨਾਲ ਕੀਤੀ ਜਾਂਦੀ ਸੀ । ਮਿਸਰ ਦੀਆਂ ਕੁੱਝ ਪੁਰਾਣਿਕ ਇਮਾਰਤਾਂ ਓੁੱਪਰ ਅੱਜ ਵੀ ਇਸਦੇ ਸਬੂਤ ਮੋਜੂਦ ਹਨ ਪਰ ਆਧੁਨਿਕ ਤਰੀਕੇ ਦੀ ਗਰਾਫਿਟੀ ਨੇਂ ਇਸਨੂੰ ਲੋਕਾਂ ਤੱਕ ਬਹੁਤ ਤੇਜੀ ਨਾਲ ਪਹੁੰਚਾਓੁਣ ਦਾ ਕੰਮ ਕੀਤਾ । ਇਤਿਹਾਸਿਕ ਗਰਾਫਿਟੀਆਂ ਪੁਰਖਿਆਂ ਦੇ ਰਹਿਣ ਸਹਿਣ, ਭਾਸ਼ਾ ਅਤੇ ਸੱਭਿਆਚਾਰ ਨੂੰ ਸਮਝਣ ਵਿੱਚ ਬਹੁਤ ਸਹਾਇਤਾ ਕਰਦੀਆਂ ਹਨ । ਕਈ ਵਾਰ ਕੰਧਾਂ ਤੇ ਬਣਾਈਆਂ ਇਹਨਾਂ ਮੂਰਤਾਂ ਨੇਂ ਪੁਰਾਣਿਕ ਵਿਆਕਰਨਾਂ ਨੂੰ ਸਮਝਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਹ ਵੀ ਕਿਹਾ ਜਾਂਦਾ ਹੈ ਸ਼ੁਰੂਆਤੀ ਦੋਰ ਵਿੱਚ ਇਸ ਕਲਾ ਦਾ ਪ੍ਰਯੋਗ ਵੇਸਵਾਵਾਂ ਦੁਆਰਾ ਜਿਆਦਾ ਗ੍ਰਾਹਕਾਂ ਲਈ ਕੀਤਾ ਜਾਂਦਾ ਸੀ । ਓੁਨੀਵੀ ਸਦੀ 'ਚ ਹਿੱਪ ਹੋਪ ਸੰਗੀਤ ਨਾਲ ਜਦ ਇਸ ਕਲਾ ਦਾ ਮੇਲ ਹੋਇਆ ਤਾਂ ਇਸ ਦੁਨੀਆਂ ਦੇ ਹਰ ਕੋਨੇਂ ਵਿੱਚ ਪਹੁੰਚ ਗਈ ।

ਹੁਣ ਗੱਲ ਕਰਦੇ ਹਾਂ ਇਸਦੀ ਰਾਜਨੀਤਿਕ ਪਹੁੰਚ ਬਾਰੇ । ਓੁੱਤਰੀ ਆਇਰਲੈਂਡ ਵਿੱਚ ਚੱਲੇ ਰਾਜਨੀਤਿਕ ਸੰਘਰਸ਼ 'ਚ ਗਰਾਫਿਟੀ ਨੇਂ ਅਹਿਮ ਭੂਮਿਕਾ ਨਿਭਾਈ ਸੀ । ਨਾਅਰਿਆਂ ਦੇ ਨਾਲ ਨਾਲ ਓੁੱਤਰੀ ਆਇਰਲੈਂਡ ਵਿੱਚ ਕੀਤੀ ਜਾਣ ਵਾਲੀ ਗਰਾਫਿਟੀ ਵਿੱਚ ਪੇਂਟਿੰਗਜ ਵੀ ਸ਼ਾਮਿਲ ਨੇਂ । ਅਸਲ ਵਿੱਚ ਜਦ ਸਰਮਾਏਦਾਰ ਪ੍ਰਬੰਧ ਲੋਕਾਂ ਦੀ ਕਿਸੇ ਵੀ ਗੱਲ ਤੇ ਗੋਰ ਨਹੀਂ ਕਰਦਾ ਖਾਸਕਰ ਜਦ ਪ੍ਰਚਾਰ ਦੇ ਸਭ ਸਾਧਨ ਓੁਹਨਾਂ ਕੋਲ ਹੋਣ ਤਾਂ ਇਸ ਤਰ੍ਹਾਂ ਦੀ ਇਨਕਲਾਬੀ ਕਲ੍ਹਾ ਦਾ ਹੋਣਾਂ ਲਾਜਮਤ ਹੋ ਜਾਂਦਾ ਹੈ । ਅਮਰੀਕਾ ਦੀ ਸ਼ਹਿ ਪ੍ਰਾਪਤ ਇਜਰਾਈਲ ਜਦ ਫਲਿਸਤੀਨੀਆਂ ਦਾ ਘਾਣ ਕਰਦਾ ਹੈ ਤਾਂ ਫਿਲਸਤੀਨ ਦੇ ਹਾਰ ਚੁੱਕੇ ਲੋਕਾਂ ਨੂੰ ਵੀ ਇਹ ਗਰਾਫਿਟੀ ਵਾਲੇ ਨਾਬਰ ਹੀ ਆਪਣੀਂ ਹੋਂਦ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦੇ ਹਨ ।
(ਫਲਿਸਤੀਨ 'ਚ ਬਣੀਂ ਇਕ ਗਰਾਫਿਟੀ)
ਅਮਰੀਕਾ ਦੇ ਅਫਗਾਨਿਸਤਾਨ, ਇਰਾਕ ਓੁੱਤੇ ਕੀਤੇ ਹਮਲਿਆਂ ਦਾ ਸਾਥ ਓੁਸਦੇ ਭਾਈਵਾਲ ਇੰਗਲੈਂਡ ਅਤੇ ਅਸਟਰੇਲੀਆ ਨੇ ਵੀ ਦਿੱਤਾ । ਤਿੰਨਾਂ  ਮੁਲਕਾਂ ਤੋਂ ਨਾਲ-ਨਾਲ ਯੂਰਪ ਦੇ ਸਰਮਾਏਦਾਰ ਭਾਈਵਾਲ ਮੁਲਕਾਂ ਦੇ ਜਾਗਰੁਕ ਲੋਕਾਂ ਦੇ ਇਸ ਧਾੜ੍ਹਵੀ ਰਵੱਈਏ ਦਾ ਵਿਰੋਧ ਸੜ੍ਹਕਾਂ ਤੇ ਓੁੱਤਰ ਕੇ ਕੀਤਾ ਪਰ ਧਾੜ੍ਹਵੀਆਂ ਦੇ ਕੰਨ੍ਹ ਤੇ ਜੁੰ ਤੱਕ ਨਾ ਸਰਕੀ ।

ਇੰਗਲੈਂਡ ਦੀਆਂ ਇਹਨਾਂ ਨੀਤੀਆਂ ਖਿਲਾਫ "ਬੈਂਕਸੀ" ( ਇੰਹਗਲੈਂਡ 'ਚ ਸਰਕਾਰੀ ਨੀਤੀਆਂ ਦੇ ਵਿਰੋਧ 'ਚ ਗਰਾਫਿਟੀ ਬਨਾਓੁਣ ਵਾਲਾ ਵਿਅਕਤੀ ਜਾਂ ਸਮੂਹ) ਨੇਂ ਖੁਲ੍ਹੇ ਤੋਰ ਤੇ ਯੁੱਧ ਛੇੜ ਦਿੱਤਾ । ਕੋਈ ਨਹੀਂ ਜਾਣਦਾ ਬੈਂਕਸੀ ਵਿਅਕਤੀ ਹੈ ਜਾਂ ਸਮੂਹ ਕਿਓੁਂ ਕਿ ਬੈਂਕਸੀ ਵੀ ਬਾਕੀ ਗਰਾਫਿਟੀ ਵਾਲਿਆਂ ਵਾਂਗ ਲੁਕ ਕੇ ਹੁਕਮਰਾਨਾਂ ਵਿਰੁੱਧ ਲੋਕਾਂ ਨੂੰ ਜਾਗਰਿਤ ਕਰਦਾ ਹੈ । ਬੈਂਕਸੀ ਕਹਿੰਦਾ ਹੈ "ਤੁਹਾਡੇ ਕੋਲ ਗਰਾਫਿਟੀ ਕੁੱਝ ਸੰਦਾ ਵਿੱਚੋਂ ਇਕ ਅਜਿਹਾ ਸੰਦ ਹੈ ਜਦੋਂ ਤੁਹਾਡੇ ਕੋਲ ਕੁੱਝ ਨਹੀ ਹੁੰਦਾ ਤਾਂ ਬੇਸ਼ਕ ਤੁਸੀਂ ਕੋਈ ਅਜਿਹੀ ਤਸਵੀਰ ਨਹੀਂ ਬਣਾ ਸਕਦੇ ਜੋ ਦੁਨੀਆਂ ਦੀ ਗਰੀਬੀ ਦੂਰ ਕਰ ਸਕਦੀ ਹੋਵੇ ਪਰ ਕੁੱਝ ਲੋਕਾਂ ਦੇ ਚਿਹਰੇ ਤੇ ਓੁਸ ਸਮੇਂ ਤੇ ਮੁਸਕਰਾਹਟ ਲੈ ਆਓੁਂਦੀ ਹੈ ਜਦ ਓੁਹ ਕੰਧ ਨਾਲ ਪੇਸ਼ਾਬ ਕਰ ਰਹੇ ਹੁੰਦੇ ਨੇਂ "

ਇੰਗਲੈਂਡ ਦੀ ਸਰਕਾਰ ਤਾਂ ਪਹਿਲਾਂ ਹੀ ਇਹਨਾਂ ਗਰਾਫਿਟੀ ਵਾਲਿਆਂ ਤੋਂ ਨਰਾਜ ਚੱਲ ਰਹੀ ਸੀ । ਇੰਗਲੇਂਡ ਦੇ ਇਕ ਸੋ ਤੇਈ ਐਮ. ਪੀ ਅਤੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇਂ ਗਰਾਫਿਟੀ ਵਾਲਿਆਂ ਵਿਰੁੱਧ ਇਕ ਚਾਰਟਰ ਤੇ ਹਸਤਾਖਰ ਕੀਤੇ ਜਿਸਤੇ ਲਿਖਿਆ ਗਿਆ ਸੀ
" ਗਰਾਫਿਟੀ ਕਲ੍ਹਾ ਨਹੀਂ ਹੈ, ਇਹ ਇਕ ਅਪਰਾਧ ਹੈ । ਮੈਂ ਆਪਣੀਂ ਸੰਵਿਧਾਨਕਾਰੀ ਸਭਾ ਦੇ ਵਲੋਂ ਆਪਣੇਂ ਸੰਪਰਦਾਇ ਨੂੰ ਇਸ ਮੁਸ਼ਕਿਲ ਤੋਂ ਬਚਾਓੁਣ ਲਈ ਓੁਹ ਸਭ ਕਰਾਂਗਾ ਜੋ ਮੈਨੂੰ ਕਰਨਾ ਪਿਆ"
ਇਸ ਬਿਆਨ ਵਿੱਚ ਸ਼ਾਇਦ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਲੋਕਾਂ ਨੂੰ ਆਪਣੇਂ ਸਰਮਾਏਦਾਰ ਆਕਾਵਾਂ ਦੀਆਂ ਰੰਗੀਆਂ ਕੰਧਾਂ ਦਾ ਦੁੱਖ ਇਹਨਾਂ ਦੇ ਬੰਬਾ ਨਾਲ ਅਫਗਾਨਿਸਤਾਨ 'ਚ ਢਹੇ ਲੋਕਾਂ ਦੇ ਮਕਾਨਾਂ ਨਾਲੋਂ ਜਿਆਦਾ ਹੈ ।
(ਫੋਟੋ - ਵਿਸ਼ਵ ਸ਼ਾਂਤੀ ਪਾਖੰਡ ਕਰਨ ਵਾਲਿਆਂ ਦੀ ਅਸਲੀਅਤ ਪੇਸ਼ ਕਰਦੀ ਬੈਂਕਸੀ ਦੁਆਰਾ ਬਣਾਈ ਇਕ ਗਰਾਫਿਟੀ)
ਬੈਂਕਸੀ ਆਪਣੇਂ ਆਪ ਨੂੰ "ਆਰਟ ਟੈਰਰਿਸਟ" ਵੀ ਕਹਿੰਦਾ ਹੈ । ਸ਼ਾਇਦ ਇਸ ਕਰਕੇ ਕਿ ਓੁਸ ਦੀ ਕਲ੍ਹਾ ਤੇ ਐਮ.ਥਾਂਪਸਨ ਦਾ ਕਥਨ ਪੂਰਾ ਢੁੱਕਦਾ ਹੈ  “ਗਰਾਫਿਟੀ ਬਹੁਤ ਖੁਬਸੂਰਤ ਹੈ, ਜਿਵੇਂ ਇਕ ਪੁਲਸੀਏ ਦੇ ਮੁੰਹ ਤੇ ਇੱਟ"
ਟੇਰੰਸ ਲਿੰਡੇਲ ਜੋ ਕਿ ਇਕ ਕਲਾਕਾਰ ਹੈ ਅਤੇ ਵਿਲਿਅਮਸਬਰਗ ਕਲਾ ਅਤੇ ਇਤਿਹਾਸ ਕੇਂਦਰ ਦਾ ਨਿਰਦੇਸ਼ਕ ਹੈ ਗਰਾਫਿਟੀ ਵਾਰੇ ਕਹਿੰਦਾ ਹੈ "ਗਰਾਫਿਟੀ ਮੇਰੀ ਰਾਏ ਵਿੱਚ ਇਨਕਲਾਬੀ ਹੈ ਅਤੇ ਹਰ ਇਨਕਲਾਬ ਨੂੰ ਸ਼ਾਇਦ ਅਪਰਾਧ ਹੀ ਸਮਝਿਆ ਜਾਂਦਾ ਹੈ । ਦਲਿਤ ਅਤੇ ਦੱਬੇ ਹੋਏ ਲੋਕਾਂ ਨੂੰ ਇਕ ਨਿਕਾਸ ਦਵਾਰ ਚਾਹਿਦਾ ਹੈ ਤਾਂ ਜੋ ਓੁਹ ਕੰਧਾਂ ਤੇ ਲਿਖ ਸਕਣ ਜੋ ਕਿ ਮੁਫਤ ਹੈ”

ਵਿਸ਼ਵ ਦੇ ਤੇਲ ਭੰਡਾਰਾਂ ਓੁੱਪਰ ਸਰਮਾਏਦਾਰੀ ਕਬਜਿਆਂ ਵਿੱਚ ਕਈ ਮੁਲਕਾਂ ਦੀਆਂ ਸਰਕਾਰਾਂ ਅਹਿਮ ਭੂਮਿਕਾ ਨਿਭਾਓੁਂਦੀਆਂ ਹਨ । ਫਿਰ ਤੇਲ ਦੇ  ਭੰਡਾਰ ਤੱਕ ਪਹੁੰਚਣ ਲਈ ਇਹਨਾਂ ਨੂੰ ਬੇਸ਼ਕ ਆਪਣੇਂ ਮੁਲਕ ਦੇ ਲੋਕ ਮਰਵਾਓੁਣੇਂ ਪੈਣ ਜਾਂ ਦੂਜੇ ਮੁਲਕ ਦੇ ਮਾਰਨੇਂ ਪੈਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ । ਇਹਨਾਂ ਦਾ ਮੰਤਵ ਤਾਂ ਆਪਣੇਂ ਮਾਲਕਾਂ ਨੂੰ ਖੁਸ਼ ਰੱਖਣਾਂ ਹੁੰਦਾ ਹੈ ।
(ਫੋਟੋ - ਤਿਮੋਰ ਦੇ ਕੁਦਰਤੀ ਸਾਧਨਾਂ ਤੇ ਅਸਟਰੇਲੀਅਨ ਕਬਜੇ ਦੇ ਵਿਰੋਧ 'ਚ ਗਰਾਫਿਟੀ)
 1920, ਚੀਨ ਵਿੱਚ ਮਾਓ ਜ਼ਿਦੋਂਗ ਨੇਂ ਇਨਕਲਾਬੀ ਨਾਅਰਿਆਂ ਅਤੇ ਪੇਂਟਿਗਜ਼ ਦਾ ਇਸਤੇਮਾਲ ਜਨਤਕ ਸਥਾਨਾਂ ਤੇ ਕੀਤਾ ਤਾਂ ਜੋ ਲੋਕਾਂ ਨੂੰ ਮੁਲਕ ਦੇ ਕਮਿਓਨਿਸਟ ਇਨਕਲਾਬ ਪ੍ਰਤੀ ਜਾਗ੍ਰਿਤ ਕੀਤਾ ਜਾ ਸਕੇ । ਦੁਨੀਆਂ ਦੀ ਸਭ ਤੋਂ ਲੰਬੀ ਗਰਾਫਿਟੀ ਬਨਾਓੁਣ ਦਾ ਕੀਰਤੀਮਾਨ ਵੀ ਮਾਓ ਦੇ ਨਾਮ ਹੀ ਹੈ ਅਤੇ ਇਸੇ ਗਰਾਫਿਟੀ ਵਿੱਚ ਓੁਹ ਆਪਣੇਂ ਅਧਿਆਪਕਾਂ ਅਤੇ ਚੀਨ ਦੀ ਰਾਜ ਸੱਤ੍ਹਾ ਦੀ ਅਲੋਚਨਾਂ ਕਰਦਾ ਹੈ ।

ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਬ੍ਰਾਜ਼ੀਲ ਵਿੱਚ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ ਕਿਵੇਂ ਲੋਕਾਂ ਦੀਆਂ ਅੱਖਾਂ ਦੇ ਖੋਪੇ ਦੇ ਰੂਪ ਵਜੋਂ ਵਰਤਿਆ ਜਾ ਰਿਹਾ ਹੈ ਇਹ ਵੀ ਸਮਝਣ ਦੀ ਲੋੜ ਹੈ । ਬ੍ਰਾਜ਼ੀਲ ਦੇ ਲੋਕ ਭੁੱਖੇ ਮਰ ਰਹੇ ਹਨ, ਸਿਹਤ ਸਿਵਿਧਾਵਾਂ ਨਾ-ਮਾਤਰ ਹਨ ਤਾਂ ਸਰਮਾਏਦਾਰ ਯੂਰਪੀ ਮੁਲਕ, ਅਮਰੀਕਾ ਅਤੇ ਓੁਸਦੇ ਸਮਰਥਕ ਬ੍ਰਾਜ਼ੀਲ ਦੇ ਲੋਕਾਂ ਦੀਆਂ ਮੰਗਾਂ ਨੂੰ ਲੁਕਾਓੁਣ ਲਈ ਇਕ ਮਹੀਨੇਂ ਦੀ ਚਕਾ ਚੌਂਧ ਨਾਲ ਵਿਸ਼ਵ ਦੇ ਲੋਕਾਂ ਨੂੰ ਅੰਨ੍ਹਿਆ ਕਰਨਗੇ । ਕੁੱਝ ਪ੍ਰੇਮੀ ਤਾਂ ਅੰਨ੍ਹੇ ਹੋ ਵੀ ਚੁੱਕੇ ਹਨ । ਫਿਰ ਵੀ ਇਹ ਗਰਾਫਿਟੀ ਕਲਾਕਾਰ ਆਪਣਾਂ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੇ ਹਨ ।

 ਮੈਨੂੰ ਪਤਾ ਹੈ ਕਿ ਇਨਕਲਾਬੀ ਲੋਕਾਂ ਦਾ ਵਿਰੋਧ ਕਰਨ ਵਾਲੇ ਮੇਰੇ ਇਹਨਾਂ ਵਿਚਾਰਾਂ ਅਤੇ ਗਰਾਫਿਟੀ ਵਾਲਿਆਂ ਦਾ ਵਿਰੋਧ ਕਰਨ ਲਈ ਵੀ ਸੋ ਕਹਾਣੀਆਂ ਘੜ੍ਹਨਗੇ ਪਰ ਐਮ.ਕਰੇਨ ਕਹਿੰਦਾ ਹੈ
“I was here but now I am gone
I left my name to carry on
Those who liked me
Liked me well
Those who didn’t can go to hell”

ਇਸੇ ਸੰਬੰਧ ਵਿੰਚ ਬੈਂਕਸੀ ਕਹਿੰਦਾ ਹੈ
“ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਦੋ ਵਾਰ ਮਰਦੇ ਹੋ, ਇਕ ਵਾਰ ਓੁਸ ਸਮੇਂ ਜਦ ਤੁਸੀਂ ਸਾਹ ਲੈਣਾਂ ਛੱਡ ਦਿੰਦੇ ਹੋ ਅਤੇ ਦੂਸਰੀ ਵਾਰ  ਥੋੜ੍ਹਾ ਸਮਾਂ ਪਾ ਕੇ ਜਦ ਕੋਈ ਆਖਰੀ ਵਾਰ ਤੁਹਾਡਾ ਨਾਮ  ਲੈਂਦਾ ਹੈ "

ਮਨਦੀਪ ਸੁੱਜੋਂ
+61 470 601 686 


1 comment:

  1. ਬਹੁਤ ਵਧੀਆ। ਨਵੀਂ ਅਤੇ ਤਾਜ਼ਾ ਜਾਣਕਾਰੀ। ਆਮ ਬੰਦਾ ਗਰਾਫਟੀ ਨੂੰ ਦੇਖ ਕੇ ਉਸ ਤਰ੍ਹਾਂ ਮਹਿਸੂਸ ਕਰਦਾ ਹੈ, ਜਿਸ ਤਰ੍ਹਾਂ ਉਸ ਨੂੰ ਮੁੱਖ ਧਾਰਾ ਮੀਡੀਏ ਵਿੱਚ ਦੱਸਿਆ ਗਿਆ ਹੁੰਦਾ ਹੈ ਕਿ ਗਰਾਫਟੀ ਕਰਨ ਵਾਲੇ ਸਿਰ ਫਿਰੇ ਲੋਕ ਹਨ ਅਤੇ "ਸਾਂਝੀ ਮਲਕੀਅਤ" ਦਾ ਨੁਕਸਾਨ ਕਰ ਰਹੇ ਹਨ। ਪਰ ਤੁਸੀਂ ਗਰਾਫਟੀ ਦੇ ਪਿਛੋਕੜ ਅਤੇ ਸਿਆਸਤ ਬਾਰੇ ਜਾਣਕਾਰੀ ਦੇ ਕੇ ਇਸ ਝੂਠ ਉੱਪਰੋਂ ਪਰਦਾ ਲਾਹੁਣ ਦਾ ਯਤਨ ਕੀਤਾ ਹੈ। ਧੰਨਵਾਦ।

    ReplyDelete